ਕੁਦਰਤ ਮਨੁੱਖੀ ਜੀਵਨ ਦਾ ਅਧਾਰ ਹੈ। ਇਹ ਉਹ ਅਨਮੋਲ ਖ਼ਜ਼ਾਨਾ ਹੈ ਜਿਸਨੂੰ ਪਰਮਾਤਮਾ ਨੇ ਬਿਨਾਂ ਕਿਸੇ ਮੁੱਲ ਦੇ ਮਨੁੱਖਤਾ ਨੂੰ ਬਖ਼ਸ਼ਿਆ ਹੈ। ਸੂਰਜ ਦੀ ਰੌਸ਼ਨੀ, ਪਵਣ ਦੇ ਝੋਕੇ, ਦਰਿਆਵਾਂ ਦਾ ਪਾਣੀ, ਪਹਾੜਾਂ ਦੀਆਂ ਚੋਟੀਆਂ, ਹਰੇ-ਭਰੇ ਜੰਗਲ ਅਤੇ ਫੁੱਲਾਂ ਦੀ ਮਹਿਕ – ਇਹ ਸਾਰੇ ਕੁਦਰਤ ਦੇ ਅਨੋਖੇ ਤੋਹਫ਼ੇ ਹਨ। ਕੁਦਰਤ ਸਿਰਫ਼ ਸੁੰਦਰਤਾ ਹੀ ਨਹੀਂ ਦਿੰਦੀ, ਸਗੋਂ ਮਨੁੱਖ ਅਤੇ ਹੋਰ ਜੀਵਾਂ ਦੀ ਜ਼ਿੰਦਗੀ ਲਈ ਲਾਜ਼ਮੀ ਤੱਤ ਵੀ ਪ੍ਰਦਾਨ ਕਰਦੀ ਹੈ। ਜੇ ਕੁਦਰਤ ਨਾ ਹੋਵੇ ਤਾਂ ਧਰਤੀ ‘ਤੇ ਜੀਵਨ ਸੰਭਵ ਨਹੀਂ ਰਹਿ ਸਕਦਾ।
ਪੌਦੇ ਕੁਦਰਤ ਦੇ ਸਭ ਤੋਂ ਮਹੱਤਵਪੂਰਨ ਅੰਗ ਹਨ। ਜਿਵੇਂ ਮਨੁੱਖ ਦੇ ਸਰੀਰ ਨੂੰ ਜੀਵਨ ਦੇਣ ਲਈ ਸਾਹ ਲੈਣ ਦੀ ਲੋੜ ਹੁੰਦੀ ਹੈ, ਠੀਕ ਉਸੇ ਤਰ੍ਹਾਂ ਧਰਤੀ ਨੂੰ ਜੀਵਨ ਦੇਣ ਲਈ ਪੌਦਿਆਂ ਦੀ ਲੋੜ ਹੈ। ਰੁੱਖ ਧਰਤੀ ਦੇ “ਫੇਫੜੇ” ਹਨ ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਆਕਸੀਜਨ ਪ੍ਰਦਾਨ ਕਰਦੇ ਹਨ। ਪੌਦਿਆਂ ਤੋਂ ਹੀ ਮਨੁੱਖ ਨੂੰ ਭੋਜਨ, ਫਲ, ਸਬਜ਼ੀਆਂ, ਦਾਲਾਂ, ਤੇਲ, ਮਸਾਲੇ, ਸੁੱਕੇ ਮੇਵੇ ਅਤੇ ਪਸ਼ੂਆਂ ਲਈ ਚਾਰਾ ਮਿਲਦਾ ਹੈ।
ਪੌਦਿਆਂ ਦੀ ਮਹੱਤਤਾ ਸਿਰਫ਼ ਖੁਰਾਕ ਤੱਕ ਸੀਮਿਤ ਨਹੀਂ। ਆਯੁਰਵੇਦ ਅਤੇ ਆਧੁਨਿਕ ਚਿਕਿਤਸਾ ਪ੍ਰਣਾਲੀ ਵਿੱਚ ਦਵਾਈਆਂ ਦਾ ਵੱਡਾ ਹਿੱਸਾ ਪੌਦਿਆਂ ਤੋਂ ਬਣਦਾ ਹੈ। ਅਸ਼ਵਗੰਧਾ, ਗਿਲੋਏ, ਹਲਦੀ, ਤੁਲਸੀ, ਆਂਵਲਾ,ਬੇਲ, ਅਰਜੁਨ, ਨੀਮ ਅਤੇ ਹੋਰ ਅਨੇਕਾਂ ਪੌਦੇ ਮਨੁੱਖੀ ਸਿਹਤ ਲਈ ਵਰਦਾਨ ਹਨ। ਦਵਾਈਆਂ ਤੋਂ ਇਲਾਵਾ ਪੌਦੇ ਮਨੁੱਖ ਨੂੰ ਲੱਕੜ, ਰੇਸ਼ੇ ਅਤੇ ਹੋਰ ਲੋੜੀਂਦੀਆਂ ਵਸਤਾਂ ਪ੍ਰਦਾਨ ਕਰਦੇ ਹਨ। ਰੁੱਖਾਂ ਦੀ ਛਾਂ ਗਰਮੀ ਵਿੱਚ ਸਾਇਆ ਦੇ ਕੇ ਠੰਢਕ ਪ੍ਰਦਾਨ ਕਰਦੀ ਹੈ। ਪੰਛੀ ਇਨ੍ਹਾਂ ਰੁੱਖਾਂ ਉੱਪਰ ਆਪਣੇ ਆਲ੍ਹਣੇ ਬਣਾਉਂਦੇ ਹਨ।ਪੰਛੀਆਂ ਅਤੇ ਕਈ ਜਾਨਵਰਾਂ ਲਈ ਇਹਨਾਂ ਦੇ ਜੰਗਲ ਘਰ ਹਨ।
ਕੁਦਰਤ ਦੀ ਮਹੱਤਤਾ ਬੇਅੰਤ ਹੈ। ਪਹਾੜਾਂ ‘ਤੇ ਜਮੀ ਬਰਫ਼ ਦਰਿਆਵਾਂ ਦਾ ਪਾਣੀ ਬਣਦੀ ਹੈ ਜੋ ਖੇਤਾਂ ਨੂੰ ਸਿੰਜਦੀ ਹੈ ਅਤੇ ਪੀਣ ਲਈ ਪਾਣੀ ਪ੍ਰਦਾਨ ਕਰਦੀ ਹੈ। ਸਮੁੰਦਰਾਂ ਦੀਆਂ ਲਹਿਰਾਂ ਧਰਤੀ ਦੇ ਮੌਸਮ ਦਾ ਸੰਤੁਲਨ ਬਣਾਈ ਰੱਖਦੀਆਂ ਹਨ। ਹਵਾ ਜੀਵਨ ਲਈ ਸਾਹ ਦੇਣ ਯੋਗ ਬਣਾਉਂਦੀ ਹੈ। ਜੰਗਲਾਂ ਦੀ ਹਰਿਆਲੀ ਧਰਤੀ ਦੇ ਤਾਪਮਾਨ ਨੂੰ ਸੰਤੁਲਿਤ ਕਰਦੀ ਹੈ। ਕੁਦਰਤ ਦੇ ਕਾਰਨ ਹੀ ਰੁੱਤਾਂ ਦਾ ਸੁੰਦਰ ਚੱਕਰ ਬਣਦਾ ਹੈ – ਬਸੰਤ ਦੀ ਬਹਾਰ, ਗਰਮੀ ਦੀ ਤਾਪ, ਸਰਦੀ ਦੀਆਂ ਠੰਢੀਆਂ ਰਾਤਾਂ ਅਤੇ ਵਰਖਾ ਦੇ ਮਿੱਠੇ ਝੋਕੇ ਮਨੁੱਖ ਨੂੰ ਜੀਵਨ ਦਾ ਅਨੋਖਾ ਅਨੁਭਵ ਕਰਾਉਂਦੇ ਹਨ।
ਪੰਜਾਬੀ ਸਾਹਿਤ ਵਿੱਚ ਕੁਦਰਤ ਦਾ ਬਹੁਤ ਹੀ ਸੁੰਦਰ ਵਰਣਨ ਮਿਲਦਾ ਹੈ। ਪੰਜਾਬੀ ਲੋਕ-ਗੀਤਾਂ ਵਿੱਚ ਬਸੰਤ ਦੀ ਰੁੱਤ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ। ਖੇਤਾਂ ਦੀ ਹਰਿਆਲੀ ਅਤੇ ਦਰਿਆਵਾਂ ਦੀ ਰੌਣਕ ਗੀਤਾਂ ਵਿੱਚ ਦਰਸ਼ਾਈ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੁਦਰਤ ਨੂੰ ਪ੍ਰਭੂ ਦੀ ਰਚਨਾ ਦੱਸਦਿਆਂ ਕਿਹਾ – “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”। ਇਸ ਬਾਣੀ ਤੋਂ ਪਤਾ ਲੱਗਦਾ ਹੈ ਕਿ ਹਵਾ, ਪਾਣੀ ਅਤੇ ਧਰਤੀ ਸਾਡੇ ਜੀਵਨ ਲਈ ਮਾਂ-ਪਿਉ ਵਰਗੇ ਹਨ। ਇਹ ਸਾਨੂੰ ਹਮੇਸ਼ਾ ਯਾਦ ਦਵਾਉਂਦਾ ਹੈ ਕਿ ਅਸੀਂ ਕੁਦਰਤ ਦੀ ਕਦਰ ਕਰੀਏ ਅਤੇ ਇਸਨੂੰ ਸੰਭਾਲੀਏ।
ਪਰ ਅਫ਼ਸੋਸ ਦੀ ਗੱਲ ਹੈ ਕਿ ਆਧੁਨਿਕ ਸਮੇਂ ਵਿੱਚ ਮਨੁੱਖ ਨੇ ਕੁਦਰਤ ਦਾ ਸੰਤੁਲਨ ਬਿਗਾੜ ਦਿੱਤਾ ਹੈ। ਉਦਯੋਗੀਕਰਨ, ਸ਼ਹਿਰੀਕਰਨ ਅਤੇ ਤਕਨਾਲੋਜੀਕਰਨ ਦੇ ਕਾਰਨ ਜੰਗਲਾਂ ਦੀ ਕਟਾਈ ਹੋ ਰਹੀ ਹੈ। ਧਰਤੀ ਦੇ ਹਰੇ-ਭਰੇ ਇਲਾਕੇ ਬੰਜਰ ਬਣ ਰਹੇ ਹਨ। ਹਵਾ ਵਿੱਚ ਜ਼ਹਿਰਲੇ ਗੈਸ ਛੱਡੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਪਾਣੀ ਦੇ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ। ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ, ਜਿਸ ਨਾਲ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ ਅਤੇ ਸਮੁੰਦਰੀ ਪੱਧਰ ਉੱਪਰ ਚੜ੍ਹ ਰਿਹਾ ਹੈ। ਬੇਤਰਤੀਬ ਮੌਸਮ ਕਾਰਨ ਕਿਤੇ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤੇ ਕਿਤੇ ਸੁੱਕਾ ਪੈ ਰਿਹਾ ਹੈ। ਇਹ ਸਾਰੇ ਖ਼ਤਰੇ ਮਨੁੱਖ ਦੇ ਅਸਤੀਤਵ ਲਈ ਚੁਣੌਤੀ ਬਣ ਰਹੇ ਹਨ।
ਇਹ ਸੱਚ ਹੈ ਕਿ ਕੁਦਰਤ ਸਾਡੇ ਬਿਨਾਂ ਵੀ ਰਹਿ ਸਕਦੀ ਹੈ ਪਰ ਅਸੀਂ ਕੁਦਰਤ ਤੋਂ ਬਿਨਾਂ ਨਹੀਂ ਜੀ ਸਕਦੇ। ਜੇ ਅਸੀਂ ਕੁਦਰਤ ਨੂੰ ਨਸ਼ਟ ਕਰਾਂਗੇ ਤਾਂ ਅਸਲ ਵਿੱਚ ਆਪਣਾ ਹੀ ਨਾਸ਼ ਕਰਾਂਗੇ। ਇਸ ਲਈ ਜਰੂਰੀ ਹੈ ਕਿ ਅਸੀਂ ਕੁਦਰਤ ਦੀ ਸੰਭਾਲ ਲਈ ਅੱਗੇ ਆਈਏ। ਹਰ ਵਿਅਕਤੀ ਸਾਲ ਵਿੱਚ ਘੱਟੋ-ਘੱਟ ਇੱਕ ਰੁੱਖ ਲਗਾਏ। ਸਕੂਲਾਂ ਅਤੇ ਕਾਲਜਾਂ ਵਿੱਚ ਰੁੱਖ ਲਗਾਓ ਮੁਹਿੰਮਾਂ ਚਲਾਈਆਂ ਜਾਣ। ਪਲਾਸਟਿਕ ਦੀ ਵਰਤੋਂ ਘਟਾ ਕੇ ਕੱਪੜੇ ਦੇ ਥੈਲੇ ਵਰਤੇ ਜਾਣ। ਪਾਣੀ ਦੀ ਬਚਤ ਲਈ ਵਰਖਾ-ਜਲ ਸੰਭਾਲ ਪ੍ਰਣਾਲੀਆਂ ਅਪਣਾਈਆਂ ਜਾਣ। ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮੁਹਿੰਮਾਂ ਚਲਾਈਆਂ ਜਾਣ।
ਮਨੁੱਖ ਨੂੰ ਆਪਣੀ ਸੋਚ ਬਦਲਣੀ ਪਵੇਗੀ। ਅਸੀਂ ਆਪਣੇ ਆਪ ਨੂੰ ਕੁਦਰਤ ਦਾ ਮਾਲਕ ਨਹੀਂ, ਸਗੋਂ ਇਸਦੇ ਸੇਵਕ ਸਮਝਣਾ ਚਾਹੀਦਾ ਹੈ। ਕੁਦਰਤ ਨਾਲ ਪਿਆਰ ਕਰਨਾ ਤੇ ਇਸਦੀ ਰੱਖਿਆ ਕਰਨਾ ਸਾਡੇ ਨੈਤਿਕ ਤੇ ਧਾਰਮਿਕ ਫ਼ਰਜ਼ ਹਨ। ਜਿਵੇਂ ਅਸੀਂ ਆਪਣੇ ਪਰਿਵਾਰ ਦੀ ਸੰਭਾਲ ਕਰਦੇ ਹਾਂ, ਠੀਕ ਉਸੇ ਤਰ੍ਹਾਂ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤ ਸਾਡੇ ਜੀਵਨ ਦੀ ਮਾਂ ਹੈ।
ਅੰਤ ਵਿੱਚ ਕਹਿਣਾ ਠੀਕ ਹੋਵੇਗਾ ਕਿ ਕੁਦਰਤ ਅਤੇ ਪੌਦੇ ਮਨੁੱਖਤਾ ਲਈ ਪ੍ਰਭੂ ਦਾ ਵਰਦਾਨ ਹਨ। ਇਹ ਸਾਡੀ ਜ਼ਿੰਦਗੀ ਦੇ ਆਧਾਰ ਹਨ। ਜੇ ਅਸੀਂ ਇਹਨਾਂ ਦੀ ਕਦਰ ਕਰਾਂਗੇ ਤਾਂ ਧਰਤੀ ਹਰੀ-ਭਰੀ, ਸੁੰਦਰ ਤੇ ਜੀਵਨ-ਯੋਗ ਰਹੇਗੀ। ਪਰ ਜੇ ਅਸੀਂ ਲਾਲਚ ਕਰਕੇ ਇਹਨਾਂ ਨੂੰ ਨਸ਼ਟ ਕਰਾਂਗੇ ਤਾਂ ਭਵਿੱਖ ਵਿੱਚ ਜੀਵਨ ਸੰਭਵ ਨਹੀਂ ਰਹੇਗਾ।ਇਸ ਲਈ ਸਾਨੂੰ ਸਭ ਨੂੰ ਮਿਲ ਕੇ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਕੁਦਰਤ ਅਤੇ ਪੌਦਿਆਂ ਨੂੰ ਪਿਆਰ ਕਰਾਂਗੇ, ਇਹਨਾਂ ਦੀ ਸੰਭਾਲ ਕਰਾਂਗੇ ਅਤੇ ਧਰਤੀ ਨੂੰ ਹਰਾ-ਭਰਾ ਬਣਾਉਣ ਲਈ ਯੋਗਦਾਨ ਪਾਵਾਂਗੇ।
ਲੇਖਕ-ਦਵਿੰਦਰਪਾਲ ਸਿੰਘ ਹਮੀਦੀ
ਸੰਪਰਕ: 98554-23222
Leave a Reply